September 22, 2026
Ajit / Amritsar
ਚੰਡੀਗੜ੍ਹ/ਅੰਮ੍ਰਿਤਸਰ, 22 ਸਤੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਦਰਜ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੱਠ ਵਿਅਕਤੀਆਂ ਨੂੰ 13 ਨਾਜਾਇਜ਼ ਪਿਸਤੌਲਾਂ ਅਤੇ 23 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਨਾਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਛੇ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ । ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਦੀਪ ਸਿੰਘ ਉਰਫ਼ ਦੀਪ (24) ਅਤੇ ਧਰਮਿੰਦਰ ਸਿੰਘ ਉਰਫ਼ ਭਿੰਦਾ (34) ਦੋਵੇਂ ਵਾਸੀ ਪਿੰਡ ਰੰਗੜ੍ਹ (ਅੰਮ੍ਰਿਤਸਰ ਦਿਹਾਤੀ), ਅਮਿਤ (23), ਵਾਸੀ ਗੁਰੂ ਕੀ ਵਡਾਲੀ (ਅੰਮ੍ਰਿਤਸਰ), ਹਰਪ੍ਰੀਤ ਸਿੰਘ ਉਰਫ਼ ਹੈਪੀ ਨਿਆਣਾ (26) ਵਾਸੀ ਨਰਾਇਣਗੜ੍ਹ (ਅੰਮ੍ਰਿਤਸਰ), ਚਮਕੌਰ ਸਿੰਘ (30) ਵਾਸੀ ਪਿੰਡ ਵਾਨ ਤਾਰਾ ਸਿੰਘ (ਤਰਨ ਤਾਰਨ), ਕਰਨਪ੍ਰੀਤ ਸਿੰਘ (22)ਵਾਸੀ ਪਿੰਡ ਨੂਰਦੀ (ਤਰਨ ਤਾਰਨ), ਗੌਰਵ (26) ਵਾਸੀ ਕਟੜਾ ਕਰਮ ਸਿੰਘ (ਅੰਮ੍ਰਿਤਸਰ) ਅਤੇ ਵਰੁਣ ਕੁਮਾਰ ਉਰਫ਼ ਵਿੱਕੀ ਗਿੱਲ (33) ਵਾਸੀ ਭਾਈ ਮੰਜ ਸਿੰਘ ਰੋਡ (ਅੰਮ੍ਰਿਤਸਰ) ਵਜੋਂ ਕੀਤੀ ਗਈ ਹੈ।
ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਦੋ .30 ਬੋਰ ਜ਼ਿਗਾਨਾ (ਤੁਰਕੀ ਦੇ ਬਣੇ), ਦੋ .30 ਬੋਰ (ਚੀਨ ਦੇ ਬਣੇ), ਇੱਕ 9ਐਮਐਮ ਅਤੇ ਅੱਠ .30 ਬੋਰ ਦੇ ਪਿਸਤੌਲ ਸ਼ਾਮਲ ਹਨ। ਪਿਸਤੌਲਾਂ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਟੀਮਾਂ ਨੇ ਤਸਕਰੀ ਦੀਆਂ ਗਤੀਵਿਧੀਆਂ ਲਈ ਵਰਤੇ ਜਾ ਰਹੇ ਉਨ੍ਹਾਂ ਦੇ ਐਕਟਿਵਾ ਸਕੂਟਰ ਨੂੰ ਵੀ ਜ਼ਬਤ ਕਰ ਲਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕਥਿਤ ਤੌਰ ’ਤੇ ਵਿਦੇਸ਼ੀ ਤਸਕਰਾਂ ਨਾਲ ਜੁੜੇ ਹੋਏ ਸਨ ਅਤੇ ਗੈਰ-ਕਾਨੂੰਨੀ ਹਥਿਆਰ ਖਰੀਦ ਕੇ ਅੱਗੇ ਸਪਲਾਈ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਅਤੇ ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਵਿੱਚ ਸ਼ਾਮਲ ਹੋਰ ਕਾਕਰੁੰਨਾਂ ਦੇ ਸਬੰਧਾਂ ਦਾ ਵੀ ਪਤਾ ਲਗਾਇਆ ਹੈ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਕੇਸ ਵਿੱਚ ਸ਼ਾਮਲ ਹੋਰ ਕਾਰਕੁੰਨਾਂ ਦਾ ਪਤਾ ਲਗਾਉਣ ਅਤੇ ਹਥਿਆਰ ਤਸਕਰੀ ਨੈਟਵਰਕ ਨੂੰ ਬੇਅਸਰ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ (ਸੀਪੀ) ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਗੁਰਦੀਪ ਸਿੰਘ ਉਰਫ਼ ‘ਦੀਪ’ ਅਤੇ ਧਰਮਿੰਦਰ ਸਿੰਘ ਉਰਫ਼ ’ਭਿੰਦਾ’ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲਾਂ ਅਤੇ ਸੱਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਉਨ੍ਹਾਂ ਦੱਸਿਆ ਕਿ ਤਿੰਨ ਵੱਖ-ਵੱਖ ਕਾਰਵਾਈਆਂ ਵਿੱਚ ਪੁਲਿਸ ਟੀਮਾਂ ਨੇ ਮੁਲਜ਼ਮ ਅਮਿਤ, ਹਰਪ੍ਰੀਤ ਉਰਫ਼ ’ਹੈਪੀ’ ਅਤੇ ਚਮਕੌਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਹਰੇਕ ਦੇ ਕਬਜ਼ੇ ਵਿੱਚੋਂ ਤਿੰਨ-ਤਿੰਨ ਪਿਸਤੌਲਾਂ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਇੱਕ ਹੋਰ ਕਾਰਵਾਈ ਬਾਰੇ ਦੱਸਦਿਆਂ ਸੀਪੀ ਨੇ ਕਿਹਾ ਕਿ ਪੁਲਿਸ ਟੀਮ ਨੇ ਨਾਕਾਬੰਦੀ ਦੌਰਾਨ ਕਰਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਸਮੇਤ ਛੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਪੁਲਿਸ ਟੀਮ ਨੇ ਵਰੁਣ ਕੁਮਾਰ ਉਰਫ਼ ’ਵਿੱਕੀ ਗਿੱਲ’ ਅਤੇ ਗੌਰਵ ਨੂੰ ਵੀ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਸਮੇਤ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਇਸ ਸਬੰਧ ਵਿੱਚ ਅੰਮ੍ਰਿਤਸਰ ਵਿੱਚ ਛੇ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ: ਐਫ.ਆਈ.ਆਰ. ਨੰਬਰ 213 (ਮਿਤੀ 15.09.2026) , ਐਫ.ਆਈ.ਆਰ. ਨੰਬਰ 215 (ਮਿਤੀ 16.09.2026) ਅਤੇ ਐਫ.ਆਈ.ਆਰ. ਨੰਬਰ 219 (ਮਿਤੀ 19.09.2026)ਨੂੰ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਛੇਹਰਟਾ ਵਿਖੇ; ਐਫ.ਆਈ.ਆਰ. ਨੰਬਰ 247 (ਮਿਤੀ 23.08.2026)ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਗੇਟ ਹਕੀਮਾ; ਐਫ.ਆਈ.ਆਰ. ਨੰਬਰ 205 (ਮਿਤੀ 21.09.2026) ਅਸਲਾ ਐਕਟ ਦੀ ਧਾਰਾ 25(8) ਤਹਿਤ ਥਾਣਾ ਸੁਲਤਾਨਵਿੰਡ ਅਤੇ ਐਫ.ਆਈ.ਆਰ. ਨੰਬਰ 164 (ਮਿਤੀ 21.09.2026) ਨੂੰ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਡੀ-ਡਿਵੀਜ਼ਨ, ਸ਼ਾਮਲ ਹਨ।
Powered by Froala Editor
13