November 22, 2026
Jassi / Chandigarh
ਚੰਡੀਗੜ੍ਹ, 22 ਨਵੰਬਰ:
ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਬਿਹਾਰ ਦੀ ਭਾਜਪਾ-ਅਗਵਾਈ ਵਾਲੀ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਦੱਸਣਾਯੋਗ ਹੈ ਕਿ ਉਨ੍ਹਾਂ ਵੱਲੋਂ ਇਹ ਨਿਖੇਧੀ, ‘ਕੱਚੀ ਦਰਗਾਹ-ਬਿਦੂਪੁਰ’ ਛੇ-ਮਾਰਗੀ ਪੁਲ ਦਾ ਨਾਮ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਵਿਰਾਸਤ ਨੂੰ ਸਨਮਾਨ ਦੇਣ ਦੀ ਬਜਾਏ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਮ ’ਤੇ ‘ਨਿਤੀਸ਼ ਸੇਤੂ’ ਰੱਖਣ ਕਾਰਨ ਕੀਤੀ ਗਈ ਹੈ।
ਇਸ ਫੈਸਲੇ ਨੂੰ ਬੇਹੱਦ ਮੰਦਭਾਗਾ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਰਾਰ ਦਿੰਦਿਆਂ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਬਿਹਾਰ ਸਰਕਾਰ ਨੇ ਪਹਿਲਾਂ ਇਸ ਪੁਲ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਰੱਖਣ ਦੇ ਪ੍ਰਸਤਾਵ ਨੂੰ ਸਵੀਕਾਰ ਕੀਤਾ ਸੀ। ਇਹ ਪ੍ਰਸਤਾਵ ਇਸ ਲਈ ਪੇਸ਼ ਕੀਤਾ ਗਿਆ ਸੀ ਕਿਉਂਕਿ ਇਹ ਪੁਲ ਸਿੱਖਾਂ ਦੇ ਦਸਵੇਂ ਗੁਰੂ ਦੇ ਪਵਿੱਤਰ ਜਨਮ ਅਸਥਾਨ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਬਿਲਕੁਲ ਨੇੜੇ ਸਥਿਤ ਹੈ। ਪਰ, ਬਾਅਦ ਵਿੱਚ ਇਸਦਾ ਨਾਮ ਇੱਕ ਸਿਆਸੀ ਆਗੂ ਦੇ ਨਾਮ ’ਤੇ ਰੱਖਣ ਦਾ ਫੈਸਲਾ ਲੈ ਲਿਆ ਗਿਆ, ਜੋ ਭਾਜਪਾ-ਅਗਵਾਈ ਵਾਲੀ ਸਰਕਾਰ ਦੀਆਂ ਸੌੜੀਆਂ ਸਿਆਸੀ ਤਰਜੀਹਾਂ ਅਤੇ ਲੱਖਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਪ੍ਰਤੀ ਅਣਦੇਖੀ ਦੀ ਗਵਾਹੀ ਭਰਦਾ ਹੈ।
ਉਨ੍ਹਾਂ ਕਿਹਾ ਕਿ ਮਨੁੱਖਤਾ, ਕੁਰਬਾਨੀ, ਧਰਮ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਾਸਾਨੀ ਯੋਗਦਾਨ ਸਿਆਸੀ ਹੱਦਾਂ ਤੋਂ ਕਿਤੇ ਉੱਪਰ ਹੈ। ਉਨ੍ਹਾਂ ਦੀ ਮਹਾਨ ਵਿਰਾਸਤ ਪੂਰੇ ਦੇਸ਼ ਦੀ ਧਰੋਹਰ ਹੈ ਅਤੇ ਇਸ ਨੂੰ ਉੱਚਤਮ ਸਤਿਕਾਰ ਅਤੇ ਮਾਨਤਾ ਦਿੱਤੀ ਜਾਣੀ ਲਾਜ਼ਮੀ ਹੈ
ਮੰਤਰੀ ਨੇ ਸਵਾਲ ਕੀਤਾ ਕਿ ਮਹਾਨ ਸਿੱਖ ਗੁਰੂ ਨੂੰ ਸਨਮਾਨ ਦੇਣ ਦੇ ਪ੍ਰਸਤਾਵ ਨੂੰ ਅੱਖੋਂ-ਪਰੋਖੇ ਕਰਨ ਪਿੱਛੇ ਕੀ ਤਰਕ ਸੀ? ਉਨ੍ਹਾਂ ਕਿਹਾ ਕਿ ਜਨਤਕ ਬੁਨਿਆਦੀ ਢਾਂਚੇ ਨੂੰ ਸਿਆਸੀ ਪ੍ਰਚਾਰ ਜਾਂ ਚੋਣ ਲਾਭਾਂ ਲਈ ਵਰਤਿਆ ਨਹੀਂ ਜਾਣਾ ਚਾਹੀਦਾ। ਸਿਆਸੀ ਆਗੂਆਂ ਦੇ ਯੋਗਦਾਨ ਨੂੰ ਮਾਨਤਾ ਦੇਣ ਦੇ ਹੋਰ ਵੀ ਕਈ ਤਰੀਕੇ ਹਨ, ਪਰ ਇੱਕ ਪੂਜਣਯੋਗ ਅਧਿਆਤਮਿਕ ਸ਼ਖਸੀਅਤ ਦੇ ਨਾਮ ਨੂੰ ਹਟਾ ਕੇ ਕਿਸੇ ਹੋਰ ਦਾ ਨਾਮ ਰੱਖਣਾ ਬਿਲਕੁਲ ਵੀ ਸਵੀਕਾਰਯੋਗ ਨਹੀਂ ਹੈ।
ਹਰਭਜਨ ਸਿੰਘ ਈ.ਟੀ.ਓ. ਨੇ ਬਿਹਾਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇ ਅਤੇ ਇਸ ਪੁਲ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਰੱਖਿਆ ਜਾਵੇ ਤਾਂ ਜੋ ਸਿੱਖ ਭਾਈਚਾਰੇ ਅਤੇ ਦੇਸ਼ ਭਰ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾ ਸਕੇ।
Powered by Froala Editor