October 13, 2026
Maan / Mansa
ਮਾਨਸਾ 13 ਅਕਤੂਬਰ (ਮਾਨ):-
ਮਾਨਸਾ ਤੋਂ ਅੱਜ ਸਵੇਰੇ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇਕ ਨਸ਼ਾ ਵਿਰੋਧੀ ਵਰਕਰ ਪਰਵਿੰਦਰ ਸਿੰਘ ਉਰਫ ਝੋਟਾ ਨੂੰ ਸਰੇਬਜ਼ਾਰ ਗੋਲੀ ਮਾਰ ਕੇ ਮਾਰ ਦਿੱਤਾ ਗਿਆ । ਸਾਹਮਣੇ ਆਈ ਇੱਕ ਵੀਡੀਉ ਵਿੱਚ ਝੋਟਾ ਆਪਣੇ ਸਾਥੀਆਂ ਸਮੇਤ ਇੱਕ ਕੈਮਿਸਟ ਦੀ ਦੁਕਾਨ ਵਿੱਚ ਪਹੁੰਚ ਗਿਆ ਜਿਸ ਵਿੱਚ ਉਹ ਕੈਮਿਸਟ ਦੁਕਾਨ ਦੇ ਮਾਲਿਕ ਨੂੰ ਕਹਿ ਰਿਹਾ ਹੈ ਕਿ ਉਹ ਨਸ਼ੀਲੀਆਂ ਗੋਲੀਆਂ ਕਿਉਂ ਵੇਚ ਰਿਹਾ ਹੈ, ਇਸ ਸਬੰਧੀ ਉਹ ਆਪਣੇ ਨਾਲ ਇੱਕ ਵਿਅਕਤੀ ਦਿਖਾਉਂਦਾ ਹੈ ਜਿਸ ਨੂੰ ਕੈਮਿਸਟ ਨੇ ਨਸ਼ੇ ਦੀ ਗੋਲੀ ਵੇਚੀ ਸੀ ।
ਦੋਹਾਂ ਵਿੱਚ ਬਹਿਸ ਦੌਰਾਨ ਦੁਕਾਨਦਾਰ ਜਿਸ ਦਾ ਨਾਮ ਅਸ਼ਵਨੀ ਦੱਸਿਆ ਜਾ ਰਿਹਾ ਹੈ ਨੇ ਝੋਟੇ ਅਤੇ ਨਾਲ ਆਏ ਵਿਅਕਤੀਆਂ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਝੋਟੇ ਦੀ ਮੌਤ ਹੋ ਗਈ ਅਤੇ ਕੁਝ ਵਿਅਕਤੀ ਜ਼ਖ਼ਮੀ ਹੋ ਗਏ ।
ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਸਥਿਤੀ ਕਾਬੂ ਵਿੱਚ ਕਰ ਲਈ ਸਾਰਾ ਬਾਜ਼ਾਰ ਬੰਦ ਹੋ ਗਿਆ ਅਤੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ ।
ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ । ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ ਐਸ ਪੀਜ਼ ਦੀ ਤੁਰੰਤ ਮੀਟਿੰਗ ਬੁਲਾਈ ਹੈ ਅਤੇ ਸਾਰੇ ਪੰਜਾਬ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਹਨ ।
Powered by Froala Editor